ਇਸਲਾਮ ਇਹ ਹੈ ਕਿ ਤੂੰ ਗਵਾਹੀ ਦੇਵੇਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਤੇ ਮੁਹੰਮਦ ﷺ ਉਸਦੇ ਰਸੂਲ ਹਨ, ਨਮਾਜ਼ ਪੜ੍ਹੇਂ, ਜ਼ਕਾਤ ਦੇਵੇਂ,…

ਇਸਲਾਮ ਇਹ ਹੈ ਕਿ ਤੂੰ ਗਵਾਹੀ ਦੇਵੇਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਤੇ ਮੁਹੰਮਦ ﷺ ਉਸਦੇ ਰਸੂਲ ਹਨ, ਨਮਾਜ਼ ਪੜ੍ਹੇਂ, ਜ਼ਕਾਤ ਦੇਵੇਂ, ਰਮਜ਼ਾਨ ਦੇ ਰੋਜ਼ੇ ਰੱਖੇਂ, ਅਤੇ ਜੇਕਰ ਤੇਰੇ ਵਿੱਚ ਸਮਰੱਥਾ ਹੋਵੇ ਤਾਂ ਅੱਲਾਹ ਦੇ ਘਰ ਦਾ ਹੱਜ ਕਰੇਂ

ਉਮਰ ਬਿਨ ਖੱਤਾਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਦਿਨ ਅਸੀਂ ਨਬੀ ਕਰੀਮ ﷺ ਦੇ ਕੋਲ ਬੈਠੇ ਸੀ ਤੇ ਇੱਕ ਵਿਅਕਤੀ ਸਾਡੇ ਕੋਲ ਆਇਆ। ਉਸ ਦੇ ਕਪੜੇ ਬਹੁਤ ਸਫੈਦ ਤੇ ਵਾਲ ਬਹੁਤ ਕਾਲੇ ਸੀ। ਉਸ ਦੇ ਸ਼ਰੀਰ 'ਤੇ ਸਫਰ (ਯਾਤਰਾ) ਦਾ ਕੋਈ ਪ੍ਰਭਾਵ ਵੀ ਦਿਖ ਨਹੀਂ ਰਿਹਾ ਸੀ ਅਤੇ ਸਾਡੇ ਵਿੱਚੋਂ ਕੋਈ ਉਸਨੂੰ ਪਹਿਚਾਣ ਵੀ ਨਹੀਂ ਰਿਹਾ ਸੀ। ਫੇਰ ਉਹ ਵਿਅਕਤੀ ਨਬੀ ﷺ ਕੋਲ ਆ ਬੈਠਿਆ ਅਤੇ ਉਸਨੇ ਆਪਣੇ ਗੋਡਿਆਂ ਨੂੰ ਨਬੀ ﷺ ਦੇ ਗੋਡਿਆਂ ਨਾਲ ਲਗਾ ਕੇ ਆਪਣੀਆਂ ਹਥੇਲੀਆਂ ਆਪਣੇ ਪੱਟਾਂ 'ਤੇ ਰੱਖ ਲਈਆਂ। ਫੇਰ ਉਸਨੇ ਕਿਹਾ: ਹੇ ਮੁਹੰਮਦ! ਮੈਨੂੰ ਦੱਸੋ ਕਿ ਇਸਲਾਮ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: " ਇਸਲਾਮ ਇਹ ਹੈ ਕਿ ਤੂੰ ਗਵਾਹੀ ਦੇਵੇਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਤੇ ਮੁਹੰਮਦ ﷺ ਉਸਦੇ ਰਸੂਲ ਹਨ, ਨਮਾਜ਼ ਪੜ੍ਹੇਂ, ਜ਼ਕਾਤ ਦੇਵੇਂ, ਰਮਜ਼ਾਨ ਦੇ ਰੋਜ਼ੇ ਰੱਖੇਂ, ਅਤੇ ਜੇਕਰ ਤੇਰੇ ਵਿੱਚ ਸਮਰੱਥਾ ਹੋਵੇ ਤਾਂ ਅੱਲਾਹ ਦੇ ਘਰ ਦਾ ਹੱਜ ਕਰੇਂ।" ਇਹ ਸੁਣਕੇ ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਦੱਸਿਆ। ਉਮਰ (ਰ.) ਕਹਿੰਦੇ ਹਨ ਕਿ ਸਾਨੂੰ ਹੈਰਾਨੀ ਹੋਈ ਕਿ ਕਿਹੋ ਜਿਹਾ ਵਿਅਕਤੀ ਹੈ, ਆਪ ਹੀ ਸਵਾਲ ਪੁੱਛਦਾ ਹੈ ਅਤੇ ਆਪ ਹੀ ਉਸਦੀ ਪੁਸ਼ਟੀ ਵੀ ਕਰਦਾ ਹੈ। ਫੇਰ ਉਸਨੇ ਕਿਹਾ: ਮੈਨੂੰ ਦੱਸੋ ਕਿ ਈਮਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਈਮਾਨ ਇਹ ਹੈ ਕਿ ਤੂੰ ਅੱਲਾਹ 'ਤੇ, ਉਸਦੇ ਫਰਿਸ਼ਤਿਆਂ 'ਤੇ, ਉਸ ਦੀਆਂ ਕਿਤਾਬਾਂ 'ਤੇ, ਉਸ ਦੇ ਰਸੂਲਾਂ 'ਤੇ, ਆਖ਼ਰੀ ਦਿਨ 'ਤੇ ਅਤੇ ਚੰਗੀ ਜਾਂ ਮਾੜੀ ਤਕਦੀਰ 'ਤੇ ਈਮਾਨ (ਯਕੀਨ) ਰੱਖੇਂ।" ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਕਿਹਾ। ਉਸਤੋਂ ਬਾਅਦ ਉਸਨੇ ਕਿਹਾ ਕਿ ਮੈਨੂੰ ਦੱਸੋ ਕਿ ਇਹਸਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਅੱਲਾਹ ਦੀ ਇਬਾਦਤ ਇਸ ਤਰੀਕੇ ਨਾਲ ਕਰ ਕਿ ਜਿਵੇਂ ਤੂੰ ਉਸਨੂੰ ਦੇਖ ਰਿਹਾ ਹੋਵੇਂ ਅਤੇ ਜੇ ਉਸਨੂੰ ਦੇਖਣ ਦਾ ਧਿਆਨ ਨਾ ਆਵੇ, ਤਾਂ (ਘੱਟੋ-ਘੱਟ) ਇਹ ਧਿਆਨ ਰੱਖ ਕਿ ਉਹ ਜ਼ਰੂਰ ਤੈਨੂੰ ਦੇਖ ਰਿਹਾ ਹੈ।" ਉਸ ਵਿਅਕਤੀ ਨੇ ਕਿਹਾ: "ਤੁਸੀਂ ਸਹੀ ਕਿਹਾ।" ਫੇਰ ਉਹ ਪੁੱਛਦਾ ਹੈ: ਮੈਨੂੰ ਦੱਸੋ ਕਿ ਕਿਆਮਤ ਕਦੋਂ ਆਵੇਗੀ? ਨਬੀ ﷺ ਨੇ ਜਵਾਬ ਦਿੱਤਾ: "ਜਿਸ ਤੋਂ ਸਵਾਲ ਕੀਤਾ ਜਾ ਰਿਹਾ ਹੈ ਉਹ (ਇਸ ਵਿਸ਼ੇ 'ਤੇ) ਸਵਾਲ ਕਰਨ ਵਾਲੇ ਤੋਂ ਜ਼ਿਆਦਾ ਨਹੀਂ ਜਾਣਦਾ।" ਉਸ ਨੇ ਕਿਹਾ: ਫੇਰ ਮੈਨੂੰ ਕਿਆਮਤ ਦੀਆਂ ਨਿਸ਼ਾਨੀਆਂ ਬਾਰੇ ਦੱਸੋ? ਨਬੀ ﷺ ਨੇ ਕਿਹਾ: "ਨਿਸ਼ਾਨੀ ਇਹ ਹੈ ਕਿ ਲੌਂਡੀਆਂ (ਦਾਸੀਆਂ) ਆਪਣੇ ਮਾਲਿਕਾਂ ਨੂੰ ਜਨਮ ਦੇਣਗੀਆਂ, ਅਤੇ ਤੁਸੀਂ ਵੇਖੋਂਗੇ ਕਿ ਨੰਗੇ ਪੈਰਾਂ ਵਾਲੇ, ਨੰਗੇ ਸ਼ਰੀਰ ਵਾਲੇ, ਕਮਜ਼ੋਰ ਅਤੇ ਭੇਡਾਂ-ਬੱਕਰੀਆਂ ਚਰਵਾਉਣ ਵਾਲੇ ਲੋਕ ਆਪਣੇ ਉੱਚੇ-ਉੱਚੇ ਮਹਿਲਾਂ 'ਤੇ ਮਾਣ ਕਰਨਗੇ।" ਹਜ਼ਰਤ ਉਮਰ (ਰ.) ਕਹਿੰਦੇ ਹਨ ਕਿ ਫੇਰ ਉਹ ਵਿਅਕਤੀ ਚਲਾ ਗਿਆ, ਅਤੇ ਮੈਂ ਕੁਝ ਸਮੇਂ ਲਈ ਬੈਠਾ ਰਿਹਾ। ਫੇਰ ਨਬੀ ﷺ ਨੇ ਕਿਹਾ: "ਹੇ ਉਮਰ, ਕੀ ਤੂੰ ਜਾਣਦਾ ਹੈਂ ਕਿ ਸਵਾਲ ਕਰਨ ਵਾਲਾ ਵਿਅਕਤੀ ਕੌਣ ਸੀ?" ਮੈਂ ਕਿਹਾ: "ਅੱਲਾਹ ਅਤੇ ਉਸਦਾ ਰਸੂਲ ਹੀ ਚੰਗੀ ਤਰ੍ਹਾਂ ਜਾਣਦੇ ਹਨ।" ਤਾਂ ਆਪ ﷺ ਨੇ ਫਰਮਾਇਆ: "ਉਹ ਜਿਬਰਾਈਲ (ਅ.) ਸੀ। ਇਹ ਤੁਹਾਨੂੰ ਤੁਹਾਡਾ ਦੀਨ (ਧਰਮ) ਸਿਖਾਉਣ ਲਈ ਆਏ ਸੀ।"

[صحيح] [رواه مسلم]

الشرح

ਉਮਰ ਬਿਨ ਖੱਤਾਬ ਰਜ਼ੀਅੱਲਾਹੁ ਅਨਹੁ ਦੱਸਦੇ ਹਨ ਕਿ ਜਿਬਰਾਈਲ (ਅ.) ਸਹਾਬਾ ਕੋਲ ਇੱਕ ਅਜਨਬੀ ਵਿਅਕਤੀ ਦੇ ਰੂਪ ਵਿੱਚ ਆਏ। ਉਨ੍ਹਾਂ ਦੀ ਕੁੱਝ ਵਿਸ਼ੇਸ਼ਤਾਵਾਂ ਇੰਜ ਸਨ ਕਿ ਉਨ੍ਹਾਂ ਦੇ ਕਪੜੇ ਬਹੁਤ ਜ਼ਿਆਦਾ ਸਫੈਦ, ਅਤੇ ਵਾਲ ਬਿਲਕੁਲ ਕਾਲੇ ਸੀ। ਉਨ੍ਹਾਂ ਦੇ ਸ਼ਰੀਰ 'ਤੇ ਸਫਰ ਦਾ ਕੋਈ ਵੀ ਪ੍ਰਭਾਵ, ਜਿਵੇਂ ਥੱਕਾਵਟ, ਧੂੜ-ਮਿੱਟੀ, ਵਾਲ ਵਿਖਰੇ ਹੋਣੇ, ਅਤੇ ਕਪੜੇ ਮੈਲੇ ਹੋਣੇ ਆਦਿ ਨਹੀਂ ਦਿੱਖ ਰਿਹਾ ਸੀ। ਉੱਥੇ ਮੌਜੂਦ ਸਹਾਬਾ ਵਿੱਚੋਂ ਕੋਈ ਵੀ ਉਨ੍ਹਾਂ ਨੂੰ ਪਹਿਚਾਣ ਨਹੀਂ ਪਾ ਰਿਹਾ ਸੀ। ਉਸ ਸਮੇਂ ਸਹਾਬਾ ਅੱਲਾਹ ਦੇ ਰਸੂਲ ﷺ ਕੋਲ ਬੈਠੇ ਸੀ। ਉਹ (ਜਿਬਰਾਈਲ ਅ.) ਨਬੀ ﷺ ਦੇ ਸਾਹਮਣੇ ਇੱਕ ਵਿਦਿਆਰਥੀ ਬਣ ਕੇ ਬੈਠ ਗਏ ਅਤੇ ਫੇਰ ਆਪ ﷺ ਕੋਲੋਂ ਇਸਲਾਮ ਦੇ ਬਾਰੇ ਸਵਾਲ ਪੁੱਛਿਆ, ਤਾਂ ਆਪ ﷺ ਨੇ ਜੋ ਜਵਾਬ ਦਿੱਤਾ ਉਸ ਵਿੱਚ ਦੋਵੇਂ ਗਵਾਹੀਆਂ ਨੂੰ ਮੰਨਣਾ, ਪੰਜ ਵਕਤ ਦੀਆਂ ਨਮਾਜ਼ਾਂ ਪੜ੍ਹਨਾ, ਲੋੜਵੰਦਾਂ ਨੂੰ ਜ਼ਕਾਤ ਦੇਣਾ, ਰਮਜ਼ਾਨ ਦੇ ਰੋਜ਼ੇ ਰੱਖਣਾ ਅਤੇ ਸਮਰੱਥਾ ਰੱਖਣ ਵਾਲੇ ਵਿਅਕਤੀ ਦਾ ਅੱਲਾਹ ਦੇ ਘਰ ਕਾਬਾ ਦਾ ਹੱਜ ਕਰਨਾ ਸ਼ਾਮਲ ਸੀ। ਜਵਾਬ ਸੁਣਕੇ, ਸਵਾਲ ਕਰਨ ਵਾਲੇ ਨੇ ਕਿਹਾ: ਤੁਸੀਂ ਸਹੀ ਕਿਹਾ ਹੈ। ਇਸ ਗੱਲ 'ਤੇ ਸਹਾਬਾ ਨੂੰ ਹੈਰਾਨੀ ਹੋਈ ਕਿ ਉਨ੍ਹਾਂ ਦਾ ਸਵਾਲ ਪੁੱਛਣਾ ਇਹ ਦਰਸਾਉਂਦਾ ਹੈ ਕਿ ਉਹ ਜਾਣਦੇ ਨਹੀਂ, ਲੇਕਿਨ ਫੇਰ ਉਹ ਆਪ ﷺ ਦੀ ਗੱਲ ਦੀ ਪੁਸ਼ਟੀ ਵੀ ਕਰ ਰਹੇ ਹਨ। ਫੇਰ ਉਨ੍ਹਾਂ ਨੇ ਈਮਾਨ ਬਾਰੇ ਸਵਾਲ ਪੁੱਛਿਆ, ਤਾਂ ਆਪ ﷺ ਨੇ ਜੋ ਜਵਾਬ ਦਿੱਤਾ, ਉਸ ਵਿੱਚ ਈਮਾਨ ਦੇ ਛੇ ਅਰਕਾਨ (ਥੰਮ੍ਹ) ਸ਼ਾਮਿਲ ਹਨ, ਜੋ ਕਿ ਕੁੱਝ ਇਸ ਪ੍ਰਕਾਰ ਹਨ: ਅੱਲਾਹ ਦੇ ਹੋਣ ਵਿੱਚ ਅਤੇ ਉਸ ਦੀਆਂ ਸਿਫਤਾਂ (ਗੁਣਾਂ) 'ਤੇ ਈਮਾਨ ਰੱਖਣਾ, ਉਸਨੂੰ ਉਸਦੇ ਹਰ ਕੰਮ, ਜਿਵੇਂ ਕਿ ਸ੍ਰਿਸ਼ਟੀ ਦੀ ਰਚਨਾ ਆਦਿ ਵਿੱਚ ਇੱਕਲਾ ਮੰਨਣਾ ਅਤੇ ਉਸੇ ਨੂੰ ਇੱਕਲੋਤਾ ਰੱਬ ਤੇ ਇਸ਼ਟ (ਇਬਾਦਤ ਦਾ ਹੱਕਦਾਰ) ਸਮਝਣਾ; ਇਸ ਗੱਲ 'ਤੇ ਈਮਾਨ ਰੱਖਣਾ ਕਿ ਫਰਿਸ਼ਤੇ, ਜਿਨ੍ਹਾਂ ਨੂੰ ਅੱਲਾਹ ਨੇ ਨੂਰ (ਉਜਾਲੇ) ਤੋਂ ਪੈਦਾ ਕੀਤਾ ਹੈ, ਉਹ ਅੱਲਾਹ ਦੇ ਖਾਸ ਬੰਦੇ (ਸੇਵਕ) ਹਨ ਜੋ ਉਸਦੇ ਹੁਕਮਾਂ ਦਾ ਹਰ ਵੇਲੇ ਪਾਲਣ ਕਰਦੇ ਹਨ ਅਤੇ ਕਿਸੇ ਵੀ ਹਾਲ ਵਿੱਚ ਉਸਦੀ ਅਵਗਿਆ (ਅਣਆਗਿਆਕਾਰੀ) ਨਹੀਂ ਕਰਦੇ; ਅੱਲਾਹ ਵੱਲੋਂ ਰਸੂਲਾਂ 'ਤੇ ਭੇਜੀਆਂ ਕਿਤਾਬਾਂ ਜਿਵੇਂ ਕਿ ਕੁਰਆਨ, ਤੌਰਾਤ, ਇੰਜੀਲ ਅਤੇ ਹੋਰ ਕਿਤਾਬਾਂ ਆਦਿ 'ਤੇ ਈਮਾਨ ਰੱਖਣਾ; ਲੋਕਾਂ ਤੱਕ ਅੱਲਾਹ ਦਾ ਦੀਨ ਪਹੁੰਚਾਉਣ ਵਾਲੇ ਰਸੂਲਾਂ ਜਿਵੇਂ ਨੂਹ, ਇਬਰਾਹੀਮ, ਮੂਸਾ, ਈਸਾ ਅਤੇ ਆਖ਼ਰੀ ਰਸੂਲ ਮੁਹੰਮਦ ﷺ 'ਤੇ ਈਮਾਨ; ਆਖ਼ਰੀ ਦਿਨ 'ਤੇ ਈਮਾਨ ਰੱਖਣਾ, ਜਿਸ ਵਿੱਚ ਮੌਤ ਤੋਂ ਬਾਅਦ ਬਰਜ਼ਖ (ਕਬਰ) ਦੀ ਜ਼ਿੰਦਗੀ ਦੇ ਨਾਲ-ਨਾਲ ਇਸ ਗੱਲ 'ਤੇ ਈਮਾਨ ਵੀ ਸ਼ਾਮਲ ਹੈ ਕਿ ਇਨਸਾਨਾਂ ਨੂੰ ਮੌਤ ਤੋਂ ਬਾਅਦ ਦੁਬਾਰਾ ਕਿਆਮਤ ਦੇ ਦਿਨ ਉਠਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਹਿਸਾਬ-ਕਿਤਾਬ ਦੇਣਾ ਹੋਵੇਗਾ, ਜਿਸ ਤੋਂ ਬਾਅਦ ਉਸਦਾ ਟਿਕਾਣਾ ਜਾਂ ਤਾਂ ਜੰਨਤ ਹੋਵੇਗਾ ਜਾਂ ਫੇਰ ਜਹੰਨਮ; ਅਤੇ ਅਖੀਰ ਵਿੱਚ ਇਸ ਗੱਲ 'ਤੇ ਈਮਾਨ ਕਿ ਅੱਲਾਹ ਨੇ ਆਪਣੇ ਗਿਆਨ ਅਤੇ ਆਪਣੀ ਸੂਝ-ਬੁਝ ਨਾਲ ਅੰਦਾਜ਼ਾ ਕਰਕੇ ਪਹਿਲਾਂ ਤੋਂ ਹੀ ਸਾਰੀਆਂ ਚੀਜ਼ਾਂ ਬਾਰੇ ਲਿਖ ਦਿੱਤਾ ਹੈ ਅਤੇ ਬਾਅਦ ਵਿੱਚ ਉਹ ਸਾਰੀਆਂ ਚੀਜ਼ ਉਸ ਦੀ ਮਰਜ਼ੀ ਤੇ ਅੰਦਾਜ਼ੇ ਨਾਲ ਹੀ ਸਾਹਮਣੇ ਆਉਂਦੀਆਂ ਹਨ ਅਤੇ ਇਹ ਵੀ ਕਿ ਉਹੀਓ ਹੈ ਜੋ ਉਨ੍ਹਾਂ ਸਭ ਦੀ ਰਚਨਾ ਕਰਦਾ ਹੈ। ਫੇਰ ਉਨ੍ਹਾਂ ਨੇ ਆਪ ﷺ ਤੋਂ ਇਹਸਾਨ ਬਾਰੇ ਸਵਾਲ ਪੁੱਛਿਆ, ਤਾਂ ਨਬੀ ﷺ ਨੇ ਦੱਸਿਆ ਕਿ ਇਹਸਾਨ ਇਹ ਹੈ ਕਿ ਬੰਦਾ ਅੱਲਾਹ ਦੀ ਇਬਾਦਤ ਇਸ ਤਰ੍ਹਾਂ ਕਰੇ ਕਿ ਜਿਵੇਂ ਉਹ ਉਸਨੂੰ ਦੇਖ ਰਿਹਾ ਹੋਵੇ। ਜੇ ਉਹ ਇਸ ਦਰਜੇ ਤੱਕ ਨਾ ਪਹੁੰਚ ਸਕੇ, ਤਾਂ ਅੱਲਾਹ ਦੀ ਇਬਾਦਤ ਇਹ ਸੋਚ ਕੇ ਕਰੇ ਕਿ ਅੱਲਾਹ ਉਸ ਨੂੰ ਦੇਖ ਰਿਹਾ ਹੈ। ਪਹਿਲੀ ਅਵਸਥਾ 'ਮੁਸ਼ਾਹਦਾ' (ਦੇਖਣ) ਦੀ ਹੈ ਅਤੇ ਇਹ ਸਭ ਤੋਂ ਉੱਚੀ ਅਵਸਥਾ ਹੈ, ਜਦੋਂ ਕਿ ਦੂਜੀ ਅਵਸਥਾ 'ਮੁਰਾਕਬਾ' (ਧਿਆਨ ਲਗਾਉਣ) ਦੀ ਹੈ। ਫੇਰ ਉਨ੍ਹਾਂ ਨੇ ਆਪ ﷺ ਤੋਂ ਪੁੱਛਿਆ ਕਿ ਕਿਆਮਤ ਕਦੋਂ ਆਵੇਗੀ? ਤਾਂ ਨਬੀ ﷺ ਨੇ ਦੱਸਿਆ ਕਿ ਕਿਆਮਤ ਕਦੋਂ ਆਵੇਗੀ, ਇਹ ਗੱਲ ਉਨ੍ਹਾਂ ਗੱਲਾਂ ਵਿੱਚੋਂ ਇੱਕ ਹੈ ਜਿਸ ਬਾਰੇ ਅੱਲਾਹ ਨੇ ਕਿਸੇ ਨੂੰ ਨਹੀਂ ਦੱਸਿਆ। ਸੋ ਇਸ ਦੀ ਜਾਣਕਾਰੀ ਕਿਸੇ ਕੋਲ ਨਹੀਂ, ਨਾ ਜਿਸ ਤੋਂ ਪੁੱਛਿਆ ਗਿਆ ਹੈ, ਉਸ ਕੋਲ ਹੈ, ਅਤੇ ਨਾ ਹੀ ਪੁੱਛਣ ਵਾਲੇ ਕੋਲ ਹੈ। ਫੇਰ ਉਨ੍ਹਾਂ ਨੇ ਆਪ ﷺ ਤੋਂ ਕਿਆਮਤ ਦੀਆਂ ਨਿਸ਼ਾਨੀਆਂ ਬਾਰੇ ਪੁੱਛਿਆ, ਤਾਂ ਆਪ ﷺ ਨੇ ਦੱਸਿਆ ਕਿ ਉਸ ਦੀ ਇੱਕ ਨਿਸ਼ਾਨੀ ਇਹ ਹੈ ਕਿ ਦਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਬਹੁਗਿਣਤੀ ਹੋਵੇਗੀ ਜਾਂ ਇਹ ਕਿ ਬੱਚੇ ਆਪਣੀਆਂ ਮਾਵਾਂ ਨਾਲ ਦਾਸੀਆਂ ਵਾਲਾ ਸਲੂਕ ਕਰਨਗੇ। ਦੂਜੀ ਨਿਸ਼ਾਨੀ ਇਹ ਹੈ ਕਿ ਆਖਰੀ ਜ਼ਮਾਨੇ (ਸਮੇਂ) ਵਿੱਚ ਬੱਕਰੀਆਂ ਚਰਵਾਉਣ ਵਾਲਿਆਂ ਅਤੇ ਗਰੀਬਾਂ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੋਵੇਗੀ ਅਤੇ ਉਹ ਆਪਣੇ ਬਹੁਤ ਸੋਹਣੇ ਤੇ ਮਜ਼ਬੂਤ ਮਹਿਲਾਂ ਦੇ ਮਾਮਲੇ ਵਿੱਚ ਇੱਕ-ਦੂਜੇ 'ਤੇ ਮਾਣ ਕਰਨਗੇ। ਅੰਤ ਵਿੱਚ ਨਬੀ ﷺ ਨੇ ਦੱਸਿਆ ਕਿ ਸਵਾਲ ਪੁੱਛਣ ਵਾਲੇ ਜਿਬਰਾਈਲ (ਅ.) ਸੀ, ਜੋ ਸਹਾਬਾ ਨੂੰ ਦੀਨ (ਇਸਲਾਮ ਧਰਮ) ਸਿਖਾਉਣ ਲਈ ਆਏ ਸੀ।

فوائد الحديث

ਨਬੀ ਕਰੀਮ ﷺ ਦੇ ਆਦਰਸ਼ ਆਚਰਣ ਕਿ ਆਪ ﷺ ਆਪਣੇ ਸਾਥੀਆਂ ਨਾਲ ਘੁਲ-ਮਿਲ ਕੇ ਬੈਠਦੇ ਸੀ

ਸਵਾਲ ਪੁੱਛਣ ਵਾਲੇ ਨਾਲ ਨਰਮੀ ਭਰਿਆ ਵਿਵਹਾਰ ਕਰਨਾ ਅਤੇ ਉਸ ਨੂੰ ਆਪਣੇ ਕੋਲ ਬਿਠਾਉਣਾ ਚਾਹੀਦਾ ਹੈ, ਤਾਂ ਜੋ ਉਹ ਬਿਨਾ ਘਬਰਾਏ ਆਸਾਨੀ ਨਾਲ ਆਪਣਾ ਸਵਾਲ ਪੁੱਛ ਸਕੇ।

ਅਧਿਆਪਕ (ਉਸਤਾਦ) ਅੱਗੇ ਆਦਰ-ਸਤਿਕਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਵੇਖਦੇ ਹਾਂ ਕਿ ਕਿਵੇਂ ਜਬਰਾਈਲ (ਅ.) ਨਬੀ ਕਰੀਮ ﷺ ਦੇ ਸਾਹਮਣੇ ਆਦਰ ਨਾਲ ਬੈਠ ਗਏ, ਤਾਂ ਜੋ ਉਹ ਆਪ ﷺ ਤੋਂ ਇਲਮ (ਗਿਆਨ) ਲੈ ਸਕਣ।

ਇਸਲਾਮ ਦੇ ਪੰਜ ਰੁਕਨ (ਥੰਮ੍ਹ) ਅਤੇ ਈਮਾਨ ਦੇ ਛੇ ਅਸੂਲ ਹਨ।

ਜਦੋਂ ਇਸਲਾਮ ਅਤੇ ਈਮਾਨ ਦੋਵੇਂ ਸ਼ਬਦ ਕਿਸੇ ਥਾਂ 'ਤੇ ਇਕੱਠੇ ਆ ਜਾਣ, ਤਾਂ 'ਇਸਲਾਮ' ਦੀ ਵਿਆਖਿਆ ਜ਼ਾਹਿਰੀ (ਬਾਹਰਲੀ) ਚੀਜ਼ਾਂ ਨਾਲ ਕੀਤੀ ਜਾਵੇਗੀ, ਅਤੇ 'ਈਮਾਨ' ਦੀ ਵਿਆਖਿਆ ਬਾਤਨੀ (ਅੰਦਰੂਨੀ) ਚੀਜ਼ਾਂ ਨਾਲ।

ਦੀਨ ਦੇ ਵੱਖ-ਵੱਖ ਦਰਜੇ ਹਨ। ਪਹਿਲਾ ਦਰਜਾ ਇਸਲਾਮ ਹੈ, ਦੂਜਾ ਦਰਜਾ ਈਮਾਨ ਹੈ, ਅਤੇ ਤੀਜਾ ਦਰਜਾ ਇਹਸਾਨ ਹੈ, ਜੋ ਕਿ ਸਭ ਤੋਂ ਉੱਚਾ ਦਰਜਾ ਹੈ।

ਆਮ ਅਸੂਲ ਇਹ ਹੁੰਦਾ ਹੈ ਕਿ ਸਵਾਲ ਪੁੱਛਣ ਵਾਲੇ ਕੋਲ ਸਹੀ ਜਾਣਕਾਰੀ ਨਹੀਂ ਹੁੰਦੀ ਅਤੇ ਅਗਿਆਨਤਾ ਕਾਰਨ ਹੀ ਬੰਦਾ ਕਿਸੇ ਤੋਂ ਸਵਾਲ ਪੁੱਛਦਾ ਹੈ। ਇਹੋ ਕਾਰਨ ਸੀ ਕਿ ਸਹਾਬਾ ਨੂੰ ਹੈਰਾਨੀ ਹੋਈ ਕਿ ਉਹ ਵਿਅਕਤੀ ਸਵਾਲ ਵੀ ਪੁੱਛ ਰਿਹਾ ਸੀ ਤੇ ਫੇਰ ਉਸ ਦੀ ਪੁਸ਼ਟੀ ਵੀ ਕਰ ਰਿਹਾ ਸੀ।

ਕੋਈ ਵੀ ਗੱਲ ਕਰਨ ਵੇਲੇ ਸਭ ਤੋਂ ਜ਼ਰੂਰੀ ਚੀਜ਼ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ, ਫੇਰ ਉਸ ਤੋਂ ਘੱਟ ਜ਼ਰੂਰੀ ਚੀਜ਼ ਅਤੇ ਇਸੇ ਤਰੀਕੇ ਨਾਲ ਲੜੀਵਾਰ ਅੱਗੇ ਵਧਣਾ ਚਾਹੀਦਾ ਹੈ। ਇਹੋ ਕਾਰਨ ਸੀ ਕਿ 'ਇਸਲਾਮ' ਦੀ ਵਿਆਖਿਆ ਕਰਦੇ ਸਮੇਂ ਆਪ ﷺ ਨੇ ਸਭ ਤੋਂ ਪਹਿਲਾਂ ਦੋਵੇਂ ਗਵਾਹੀਆਂ ਤੋਂ ਸ਼ੁਰੂਆਤ ਕੀਤੀ, ਅਤੇ 'ਈਮਾਨ' ਦੀ ਵਿਆਖਿਆ ਕਰਦੇ ਸਮੇਂ ਸਭ ਤੋਂ ਪਹਿਲਾਂ ਅੱਲਾਹ 'ਤੇ ਈਮਾਨ ਨਾਲ ਸ਼ੁਰੂਆਤ ਕੀਤੀ।

ਆਲਿਮਾਂ (ਵਿਧਵਾਨਾਂ) ਕੋਲੋਂ ਇਹੋ ਜਿਹੀਆਂ ਚੀਜ਼ਾਂ ਬਾਰੇ ਵੀ ਸਵਾਲ ਪੁੱਛਿਆ ਜਾ ਸਕਦਾ ਹੈ, ਜਿਨ੍ਹਾਂ ਬਾਰੇ ਪੁੱਛਣ ਵਾਲਾ ਆਪ ਜਾਣਦਾ ਹੋਵੇ, ਤਾਂ ਜੋ ਹੋਰਾਂ ਲੋਕਾਂ ਨੂੰ ਵੀ ਉਨ੍ਹਾਂ ਬਾਰੇ ਸਿੱਖਿਆ ਮਿਲ ਸਕੇ।

ਕਿਆਮਤ ਕਦੋਂ ਵਾਪਰੇਗੀ, ਇਸ ਗੱਲ ਦੀ ਜਾਣਕਾਰੀ ਅੱਲਾਹ ਨੇ ਆਪਣੇ ਕੋਲ ਹੀ ਰੱਖੀ ਹੈ।

التصنيفات

The Creed