ਅੱਲਾਹ ਦੇ ਰਸੂਲ ﷺ ਜੋ ਕਿ ਸੱਚੇ ਤੇ ਇਮਾਨਦਾਰ ਹਨ, ਨੇ ਦੱਸਿਆ: "ਤੁਹਾਡੇ ਵਿੱਚੋਂ ਹਰੇਕ ਦੀ ਪੈਦਾਇਸ਼ ਦੀ ਬੁਨਿਆਦ ਉਸ ਦੀ ਮਾਂ ਦੇ ਪੇਟ ਵਿੱਚ…

ਅੱਲਾਹ ਦੇ ਰਸੂਲ ﷺ ਜੋ ਕਿ ਸੱਚੇ ਤੇ ਇਮਾਨਦਾਰ ਹਨ, ਨੇ ਦੱਸਿਆ: "ਤੁਹਾਡੇ ਵਿੱਚੋਂ ਹਰੇਕ ਦੀ ਪੈਦਾਇਸ਼ ਦੀ ਬੁਨਿਆਦ ਉਸ ਦੀ ਮਾਂ ਦੇ ਪੇਟ ਵਿੱਚ ਚਾਲੀ ਦਿਨ ਅਤੇ ਚਾਲੀ ਰਾਤ ਤੱਕ ਰੱਖੀ ਜਾਂਦੀ ਹੈ

ਹਜ਼ਰਤ ਅਬਦੁੱਲਾਹ ਬਿਨ ਮਸਊਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ: ਅੱਲਾਹ ਦੇ ਰਸੂਲ ﷺ ਜੋ ਕਿ ਸੱਚੇ ਤੇ ਇਮਾਨਦਾਰ ਹਨ, ਨੇ ਦੱਸਿਆ: "ਤੁਹਾਡੇ ਵਿੱਚੋਂ ਹਰੇਕ ਦੀ ਪੈਦਾਇਸ਼ ਦੀ ਬੁਨਿਆਦ ਉਸ ਦੀ ਮਾਂ ਦੇ ਪੇਟ ਵਿੱਚ ਚਾਲੀ ਦਿਨ ਅਤੇ ਚਾਲੀ ਰਾਤ ਤੱਕ ਰੱਖੀ ਜਾਂਦੀ ਹੈ। ਫੇਰ ਉਹ ਇੰਨੇ ਹੀ ਸਮੇਂ ਲਈ ਉਹ ਜੰਮੇ ਹੋਏ ਖੂਨ ਦਾ ਰੂਪ ਧਾਰਨ ਕਰ ਲੈਂਦਾ ਹੈ, ਫੇਰ ਇੰਨੇ ਹੀ ਸਮੇਂ ਲਈ ਉਹ ਮਾਸ ਦੇ ਲੋਥੜੇ ਵਾਂਗ ਹੋ ਜਾਂਦਾ ਹੈ। ਫੇਰ ਉਸ ਵੱਲ ਇੱਕ ਫਰਿਸ਼ਤਾ ਭੇਜਿਆ ਜਾਂਦਾ ਹੈ ਜਿਸ ਨੂੰ ਚਾਰ ਚੀਜ਼ਾਂ ਬਾਰੇ ਲਿੱਖਣ ਦਾ ਹੁਕਮ ਦਿੱਤਾ ਜਾਂਦਾ ਹੈ: ਉਸ ਦੀ ਰੋਜ਼ੀ, ਉਸ ਦੀ ਮੌਤ ਦਾ ਸਮਾਂ, ਉਸ ਦੇ ਕਰਮ, ਅਤੇ ਉਸਦਾ ਖੁਸ਼ਕਿਸਮਤ ਜਾਂ ਬਦਕਿਸਮਤ ਹੋਣਾ। ਫੇਰ ਉਹ ਉਸ ਵਿੱਚ ਰੂਹ (ਜਾਨ) ਫੂਕ ਦਿੰਦਾ ਹੈ। ਤੁਸੀਂ ਵੇਖੋਂਗੇ ਕਿ ਤੁਹਾਡੇ ਵਿੱਚੋਂ ਕੋਈ ਬੰਦਾ ਸਾਰੀ ਜ਼ਿੰਦਗੀ ਜੰਨਤੀਆਂ ਵਾਲੇ ਅਮਲ (ਕਰਮ) ਕਰਦਾ ਰਹਿੰਦਾ ਹੈ ਇੱਥੋਂ ਤੱਕ ਕਿ ਉਸਦੇ ਅਤੇ ਜੰਨਤ ਦੇ ਵਿਚਕਾਰ ਸਿਰਫ ਇੱਕ ਹੱਥ ਜਿੰਨੀ ਦੂਰੀ ਰਹਿ ਜਾਂਦੀ ਹੈ, ਫੇਰ ਇੰਜ ਹੁੰਦਾ ਹੈ ਕਿ ਤਕਦੀਰ (ਕਿਸਮਤ) ਦਾ ਲਿਖਿਆ ਅੱਗੇ ਆ ਜਾਂਦਾ ਹੈ ਅਤੇ ਉਹ ਜਹੰਨਮੀਆਂ ਵਾਲੇ (ਮਾੜੇ) ਅਮਲ ਕਰਨ ਲੱਗ ਜਾਂਦਾ ਹੈ ਤੇ ਜਹੰਨਮ ਵਿੱਚ ਦਾਖਲ ਹੋ ਜਾਂਦਾ ਹੈ। ਇਸੇ ਪ੍ਰਕਾਰ ਤੁਸੀਂ ਵੇਖੋਂਗੇ ਕਿ ਤੁਹਾਡੇ ਵਿੱਚੋਂ ਕੋਈ ਬੰਦਾ ਸਾਰੀ ਜ਼ਿੰਦਗੀ ਜਹੰਨਮੀਆਂ ਵਾਲੇ ਅਮਲ ਕਰਦਾ ਰਹਿੰਦਾ ਹੈ ਇੱਥੋਂ ਤੱਕ ਕਿ ਉਸਦੇ ਅਤੇ ਜਹੰਨਮ ਦੇ ਵਿਚਕਾਰ ਸਿਰਫ ਇੱਕ ਹੱਥ ਜਿੰਨੀ ਦੂਰੀ ਰਹਿ ਜਾਂਦੀ ਹੈ, ਫੇਰ ਇੰਜ ਹੁੰਦਾ ਹੈ ਕਿ ਤਕਦੀਰ ਦਾ ਲਿਖਿਆ ਅੱਗੇ ਆ ਜਾਂਦਾ ਹੈ ਅਤੇ ਉਹ ਜੰਨਤੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ ਤੇ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।

[صحيح] [متفق عليه]

الشرح

ਅਬਦੁੱਲਾਹ ਬਿਨ ਮਸਊਦ (ਰ.) ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਸਾਨੂੰ ਦੱਸਿਆ ਹੈ, ਜਿਨ੍ਹਾਂ ਦੀ ਹਰ ਗੱਲ ਸੱਚੀ ਹੈ, ਅਤੇ ਜਿਨ੍ਹਾਂ ਦੇ ਸੱਚੇ ਹੋਣ ਦੀ ਪੁਸ਼ਟੀ ਅੱਲਾਹ ਤਆਲਾ ਨੇ ਆਪ ਕੀਤੀ ਹੈ। ਆਪ ﷺ ਨੇ ਫਰਮਾਇਆ : ਤੁਹਾਡੇ ਵਿੱਚੋਂ ਹਰੇਕ ਦੀ ਪੈਦਾਇਸ਼ (ਸਿਰਜਣਾ) ਦੀ ਬੁਨਿਆਦ ਉਸਦੀ ਮਾਂ ਦੇ ਪੇਟ ਵਿੱਚ ਇੱਕਤਰ ਕੀਤੀ ਜਾਂਦੀ ਹੈ। ਭਾਵ ਜਦੋਂ ਕੋਈ ਆਦਮੀ ਆਪਣੀ ਬੀਵੀ ਨਾਲ ਮਿਲਾਪ (ਸੰਭੋਗ) ਕਰਦਾ ਹੈ, ਤਾਂ ਉਸ ਦਾ ਫੈਲਿਆ ਹੋਇਆ ਵੀਰਜ ਔਰਤ ਦੇ ਪੇਟ ਵਿੱਚ ਪਹਿਲੇ ਚਾਲੀ ਦਿਨਾਂ ਤੱਕ ਵੀਰਜ ਦੀ ਬੂੰਦ ਬਣਾਕੇ ਇੱਕਤਰ ਕੀਤਾ ਜਾਂਦਾ ਹੈ। ਫੇਰ ਉਹ ਜੰਮਿਆ ਹੋਇਆ ਖੂਨ ਬਣ ਜਾਂਦਾ ਹੈ, ਅਤੇ ਇਹ ਅਵਸਥਾ ਦੂਜੇ ਚਾਲੀ ਦਿਨਾਂ ਤੱਕ ਰਹਿੰਦੀ ਹੈ। ਫੇਰ ਉਹ ਇੰਨਾ ਕੁ ਵੱਡਾ ਮਾਸ ਦਾ ਟੁਕੜਾ ਬਣ ਜਾਂਦਾ ਹੈ ਜਿਸ ਨੂੰ ਇੱਕ ਵਾਰੀ ਵਿੱਚ ਚੱਬਿਆ ਜਾ ਸਕਦਾ ਹੋਵੇ, ਅਤੇ ਇਹ ਅਵਸਥਾ ਤੀਜੇ ਚਾਲੀ ਦਿਨਾਂ ਤੱਕ ਰਹਿੰਦੀ ਹੈ। ਫੇਰ ਅੱਲਾਹ ਤਆਲਾ ਉਸ ਵੱਲ ਇੱਕ ਫਰਿਸ਼ਤਾ ਭੇਜਦਾ ਹੈ, ਜੋ ਕਿ ਤੀਜੇ ਚਾਲੀ ਦਿਨਾਂ ਦੇ ਪੂਰੇ ਹੋਣ ਤੋਂ ਬਾਅਦ ਉਸ ਵਿੱਚ ਰੂਹ ਫੂਕਦਾ ਹੈ। ਫੇਰ ਉਸ ਫਰਿਸ਼ਤੇ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਚਾਰ ਗੱਲਾਂ ਲਿੱਖ ਦੇਵੇ। ਪਹਿਲੀ: ਉਸ ਦੀ ਰੋਜ਼ੀ, ਭਾਵ ਜੀਵਨ ਭਰ ਵਿੱਚ ਉਸਨੂੰ ਮਿਲਣ ਵਾਲੀਆਂ ਨਿਅਮਤਾਂ (ਸੁੱਖ-ਸੁਵਿਧਾਵਾਂ) ਦੀ ਗਿਣਤੀ ਲਿੱਖ ਦਿੱਤੀ ਜਾਂਦੀ ਹੈ। ਦੂਜੀ: ਉਸ ਦੀ ਮੌਤ, ਭਾਵ ਦੁਨਿਆ ਵਿੱਚ ਉਹ ਕਿੰਨੇ ਸਮੇਂ ਲਈ ਰਹਿਣ ਵਾਲਾ ਹੈ। ਤੀਜੀ ਗੱਲ: ਉਸ ਦੇ ਕਰਮ, ਭਾਵ ਉਹ ਚੰਗੇ ਕਰਮਾਂ ਵਾਲਾ ਹੋਵੇਗਾ ਜਾਂ ਮਾੜੇ ਕਰਮਾਂ ਵਾਲਾ। ਜਦੋਂ ਕਿ ਚੌਥੀ ਗੱਲ ਇਹ ਹੈ ਕਿ ਉਹ ਖੁਸ਼ਕਿਸਮਤ ਹੋਵੇਗਾ ਜਾਂ ਬਦਕਿਸਮਤ? ਫੇਰ ਨਬੀ ਕਰੀਮ ﷺ ਨੇ ਕਸਮ (ਸਹੁੰ) ਖਾ ਕੇ ਕਿਹਾ ਕਿ: ਇੱਕ ਇਨਸਾਨ ਜੰਨਤੀਆਂ ਵਾਲੇ ਅਮਲ ਕਰਦਾ ਰਹਿੰਦਾ ਹੈ ਅਤੇ ਲੋਕਾਂ ਨੂੰ ਉਸਦੇ ਕਰਮ ਉੱਤੋਂ-ਉੱਤੋਂ ਚੰਗੇ ਦਿਸਦੇ ਹਨ। ਉਹ ਇਸੇ ਹਾਲਤ ਵਿੱਚ ਰਹਿੰਦਾ ਹੈ ਇੱਥੋਂ ਤੱਕ ਕਿ ਜੰਨਤ ਅਤੇ ਉਸ ਦੇ ਵਿਚਕਾਰ ਸਿਰਫ਼ ਇੱਕ ਹੱਥ ਦਾ ਫਾਸਲਾ ਰਹਿ ਜਾਂਦਾ ਹੈ, ਭਾਵ ਉਸਦੇ ਜੰਨਤ ਤੱਕ ਪਹੁੰਚਣ ਲਈ ਇੱਕ ਹੱਥ ਜਿੰਨੀ ਦੂਰੀ ਬਚਦੀ ਹੈ, ਫੇਰ ਅਚਾਨਕ ਲਿਖੀ ਹੋਈ ਤਕਦੀਰ ਉਸ ਉੱਤੇ ਭਾਰੂ ਹੋ ਜਾਂਦੀ ਹੈ, ਅਤੇ ਉਹ ਜਹੰਨਮੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ, ਤੇ ਉਸ ਦੇ ਉਹੀ ਅਮਲ ਆਖ਼ਰ ਵਿੱਚ ਲਿਖੇ ਜਾਂਦੇ ਹਨ, ਅੰਤ ਉਹ ਜਹੰਨਮ ਵਿੱਚ ਦਾਖ਼ਲ ਹੋ ਜਾਂਦਾ ਹੈ। ਕਿਉਂਕਿ ਅਮਲ ਦੀ ਕਬੂਲੀਅਤ ਦੀ ਸ਼ਰਤ ਹੈ ਕਿ ਇਨਸਾਨ ਉਸ 'ਤੇ ਕਾਇਮ ਰਹੇ ਅਤੇ ਉਸ ਨੂੰ ਨਾ ਬਦਲੇ। ਜਦੋਂ ਕਿ ਦੂਜੇ ਪਾਸੇ ਇੱਕ ਅਜਿਹਾ ਇਨਸਾਨ ਵੀ ਹੈ ਜੋ ਅਖੀਰ ਤੱਕ ਜਹੰਨਮੀਆਂ ਵਾਲੇ ਅਮਲ ਕਰਦਾ ਰਹਿੰਦਾ ਹੈ, ਇੱਥੋਂ ਤੱਕ ਕਿ ਉਹ ਜਹੰਨਮ ਦੇ ਬਿਲਕੁਲ ਨੇੜੇ ਪਹੁੰਚਦਾ ਹੈ, ਇੰਜ ਕਿ ਉਹ ਜਹੰਨਮ ਤੋਂ ਸਿਰਫ਼ ਇੱਕ ਹੱਥ ਦੀ ਦੂਰੀ 'ਤੇ ਹੋਵੇ, ਫੇਰ ਉਸ 'ਤੇ ਲਿਖੀ ਹੋਈ ਤਕਦੀਰ ਭਾਰੂ ਹੋ ਜਾਂਦੀ ਹੈ, ਅਤੇ ਉਹ ਜੰਨਤੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ ਅਤੇ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।

فوائد الحديث

ਅੰਤ ਵਿੱਚ ਹਰ ਬੰਦੇ ਦਾ ਨਤੀਜਾ ਉਸੇ ਤਕਦੀਰ ਮੁਤਾਬਕ ਹੁੰਦਾ ਹੈ ਜੋ ਪਹਿਲਾਂ ਤੋਂ ਲਿਖੀ ਜਾ ਚੁੱਕੀ ਹੈ ਅਤੇ ਜਿਸਦਾ ਫੈਸਲਾ ਹੋ ਚੁੱਕਾ ਹੈ।

ਇਸ ਹਦੀਸ ਵਿੱਚ ਅਮਲਾਂ ਦੀ ਬਾਹਰੀ ਸ਼ਕਲ ਤੋਂ ਧੋਖਾ ਖਾਣ ਤੋਂ ਸਾਵਧਾਨ ਕੀਤਾ ਹੈ, ਕਿਉਂਕਿ ਅਸਲ ਅਮਲ ਦਾ ਦਾਰੋਮਦਾਰ ਉਸਦੇ ਅਖੀਰ (ਅੰਤ) 'ਤੇ ਹੁੰਦਾ ਹੈ।

التصنيفات

Belief in the Last Day, The Angels, Levels of Divine Decree and Fate, Islam